ਚੰਡੀਗੜ੍ ( ਜਸਟਿਸ ਨਿਊਜ਼)
– ਜਨਤਾ ਦਲ ਯੂਨਾਈਟਿਡ ਦੇ ਸੂਬਾ ਪ੍ਰਧਾਨ ਪੰਜਾਬ ਮਾਲਵਿੰਦਰ ਬੈਨੀਪਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਾਗਰਤੀ ਯਾਤਰਾ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ ਹੈ।
ਇਹ ਇਤਿਹਾਸਕ ਜਾਗਰਤੀ ਯਾਤਰਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਅੱਠ ਰਾਜਾਂ ਵਿੱਚੋਂ ਗੁਜ਼ਰਦੀ ਹੋਈ ਤਖਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਇਸ ਯਾਤਰਾ ਨੂੰ ਬਿਹਾਰ ਸਰਕਾਰ ਅਤੇ ਬਿਹਾਰ ਟੂਰਿਜ਼ਮ ਵਿਭਾਗ ਦੇ ਸਹਿਯੋਗ ਨਾਲ, ਜਨਤਾ ਦਲ ਯੂਨਾਈਟਿਡ ਦੇ ਸੂਬਾ ਪ੍ਰਧਾਨ ਮਾਲਵਿੰਦਰ ਬੈਨੀਪਾਲ ਦੇ ਅਣਥੱਕ ਯਤਨਾਂ ਸਦਕਾ ਸੰਭਵ ਬਣਾਇਆ ਗਿਆ ਹੈ।
ਯਾਤਰਾ ਸਿੱਖ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੀ ਹੋਈ, ਸਿੱਖਾਂ ਦੇ ਇਤਿਹਾਸ ਉੱਤੇ ਚਾਨਣਾ ਪਾਉਂਦੀ ਹੈ ਅਤੇ ਨਾਲ ਹੀ ਭਾਈਚਾਰੇ ਤੇ ਸਰਬ ਧਰਮ ਸਾਂਝ ਦਾ ਸੰਦੇਸ਼ ਪੂਰੇ ਦੇਸ਼ ਵਿੱਚ ਫੈਲਾਉਂਦੀ ਹੈ। ਜਨਤਾ ਦਲ ਯੂਨਾਈਟਡ ਦੇ ਆਫਿਸ ਇੰਚਾਰਜ ਸੰਜੀਵ ਕੁਮਾਰ ਝਾ ਨੇ ਜਿਥੇ ਇਸ ਜਾਗਰਿਤੀ ਯਾਤਰਾ ਦੇ ਰੂਟ ਪਲਾਨ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ ਉਥੇ ਹੀ ਇਸ ਮੌਕੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਭੋਲਾ ਸਿੰਘ ਸਸਰਾਲੀ ਕਲੋਨੀ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਨਾਲ ਜੁੜ ਕੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਭਾਈਚਾਰਕ ਸੰਦੇਸ਼ ਨੂੰ ਅੱਗੇ ਵਧਾਉਣ।
ਰਾਹੁਲ ਘਈ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਜਨਤਾ ਦਲ ਯੂਨਾਈਟਿਡ ਨੇ ਕਿਹਾ ਕਿ ਇਹ ਯਾਤਰਾ ਸਿਰਫ ਸਿੱਖ ਧਰਮ ਤੱਕ ਸੀਮਿਤ ਨਹੀਂ, ਬਲਕਿ ਹਰ ਧਰਮ ਨੂੰ ਇੱਕ ਮੰਚ ’ਤੇ ਇਕੱਠਾ ਕਰਦੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਇੱਕ ਪਾਰਟੀ ਦਾ ਪ੍ਰਤੀਨਿਧੀ ਇਸ ਯਾਤਰਾ ਦਾ ਹਿੱਸਾ ਬਣ ਰਿਹਾ ਹੈ। ਇਸ ਨਾਲ ਨਾ ਸਿਰਫ ਪੰਜਾਬ, ਬਲਕਿ ਹੋਰ ਸੂਬਿਆਂ ਵਿਚਕਾਰ ਵੀ ਭਾਈਚਾਰਕ ਸਾਂਝ ਦਾ ਸੁਨੇਹਾ ਪਹੁੰਚ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਮਾਲਵਿੰਦਰ ਬੈਨੀਪਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿਰਫ ਸਿੱਖ ਧਰਮ ਲਈ ਹੀ ਨਹੀਂ ਸੀ, ਬਲਕਿ ਹੋਰਨਾਂ ਧਰਮਾਂ ਅਤੇ ਸਮਾਜਾਂ ਦੇ ਲੋਕਾਂ ਦੀ ਰਾਖੀ ਅਤੇ ਉਨ੍ਹਾਂ ਦੇ ਹਿਤਾਂ ਲਈ ਉਹਨਾਂ ਆਪਣੀ ਜਾਨ ਨਿਓਛਾਵਰ ਕੀਤੀ। ਉਨ੍ਹਾਂ ਕਿਹਾ ਕਿ ਇਹ ਜਾਗਰਤੀ ਯਾਤਰਾ ਭਾਈਚਾਰੇ ਦੀ ਇੱਕਤਾ, ਸਿੱਖ ਇਤਿਹਾਸ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਰੱਖਿਆ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰੇਗੀ।
Leave a Reply